Hun Gharan Nu Paratna

ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਹੈ
ਕੌਣ ਪਹਿਚਾਨੇਗਾ ਸਾਨੂੰ

ਮੱਥੇ ਉੱਤੇ ਮੌਤ ਦਸਖਤ ਕਰ ਗਈ ਹੈ
ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ
ਸ਼ੀਸ਼ੇ ਵਿਚੋਂ ਹੋਰ ਕੋਈ ਝਾਕਦਾ ਹੈ
ਅੱਖਾਂ ਵਿੱਚ ਕੋਰੀ ਲਿਸ਼ਕ ਹੈ
ਕਿਸੇ ਢੱਠੇ ਘਰ ਦੀ ਛੱਤ ਹੈ
ਆਉਂਦੀ ਹੋਈ ਲੋਅ ਜਿਹੀ

ਡਰ ਜਾਏਗੀ ਮੇਰੀ ਮਾਂ
ਮੇਰਾ ਪੁੱਤਰ ਮੇਰੇ ਤੋਂ ਵੱਡੀ ਉਮਰ ਦਾ
ਕਿਹੜੇ ਸਾਧੂ ਦਾ ਸਰਾਪ
ਕਿਸ ਸ਼ਰੀਕਣ ਚੰਦਰੀ ਦੇ ਟੂਣੇ ਟਾਮਣ ਨਾਲ ਹੋਇਆ
ਹੁਣ ਘਰਾਂ ਨੂੰ ਪਰਤਣਾ ਚੰਗਾ ਨਹੀ ਹੈ

ਏਨੇ ਡੱਬ ਚੁੱਕੇ ਨੇ ਸੂਰਜ
ਏਨੇ ਮਰ ਚੁੱਕੇ ਖੁਦਾ
ਜਿਉਂਦੀ ਮਾਂ ਨੂੰ ਵੇਖ ਕੇ
ਆਪਣੇ ਜਾਂ ੳਸ ਦੇ
ਪਰੇਤ ਹੋਵਣ ਦਾ ਹੋਏਗਾ ਤੌਖਲਾ

ਜਦ ਕੋਈ ਬੇਲੀ ਪੁਰਾਣਾ ਮਿਲੇਗਾ
ਬਹੁਤ ਯਾਦ ਆਵੇਗਾ ਆਪਣੇ ਅੰਦਰੋਂ
ਚਿਰਾਂ ਦਾ ਮਰ ਚੁੱਕਾ ਮੋਹ
ਰੋਣ ਆਵੇਗਾ ਤਾਂ ਫਿਰ ਆਵੇਗਾ ਯਾਦ
ਅੱਥਰੂ ਤਾਂ ਮੇਰੇ ਦੂਜੇ ਕੋਟ ਦੀ ਜੇਬੀ ‘ਚ ਰੱਖੇ ਰਹਿ ਗਏ

ਜਦੋਂ ਚਾਚੀ ਇਸਰੀ
ਸਿਰ ਪਲੋਸੇਗੀ ਅਸੀਸਾਂ ਨਾਲ
ਕਿਸ ਤਰਾਂ ਦੱਸਾਂਗਾ ਮੈਂ
ਏਸ ਸਿਰ ਵਿੱਚ ਕਿਸ ਤਰਾਂ ਦੇ ਛੁੱਪੇ ਹੋਏ ਨੇ ਖਿਆਲ

ਆਪਣੀ ਹੀ ਲਾਸ਼ ਢੋਂਦਾ ਆਦਮੀ
ਪਤੀ ਦੇ ਸਜਰੇ ਸਿਵੇ ਤੇ ਮਾਸ ਰਿੰਨਦੀ ਰੰਨ
ਕਿਸੇ ਹੈਮਲਤ ਦੀ ਮਾਂ
ਸਰਦੀਆਂ ਵਿੱਚ ਬੰਦਿਆ ਦੇ ਸਿਵੇ ਸੇਕਣ ਵਾਲਾ ਰੱਬ
ਜਿਨਾਂ ਅੱਖਾਂ ਨਾਲ ਦੇਖੇ ਨੇ ਦੁਖਾਂਤ
ਕਿਸ ਤਰਾਂ ਮੇਲਾਂਗਾ ਅੱਖਾਂ
ਆਪਣੇ ਬਚਪਨ ਦੀ ਮੈਂ ਤਸਵੀਰ ਨਾਲ
ਆਪਣੇ ਨਿੱਕੇ ਘਰ ਨਾਲ

ਸ਼ਾਮ ਨੂੰ ਜਦ ਮੜੀ ਤੇ ਦੀਵਾ ਬਲੇਗਾ
ਗੁਰਦੁਆਰੇ ਸੰਖ ਵੱਜੇਗਾ
ਉਹ ਬਹੁਤ ਆਵੇਗਾ ਯਾਦ
ਉਹ ਕਿ ਜਿਹਣਾ ਮਰ ਗਿਆ ਹੈ
ਉਹ ਕਿ ਜਿਸ ਦੀ ਮੌਤ ਦਾ
ਇਸ ਭਰੀ ਨਗਰੀ ‘ਚ ਬਸ ਮੈਨੂੰ ਪਤਾ ਹੈ

ਜੇ ਕਿਸੇ ਨੇ ਹੁਣ ਮੇਰੇ ਮਨ ਦੀ ਤਲਾਸ਼ੀ ਲੈ ਲਈ
ਬਹੁਤ ਰਹਿ ਜਾਵਾਂਗਾ ਕੱਲਾ
ਕਿਸੇ ਦੁਸ਼ਮਣ ਦੇਸ਼ ਦੇ ਜਾਸੂਸ ਵਾਂਗ
ਹੁਣ ਘਰਾਂ ‘ਚ ਵੱਸਣਾ ਸੌਖਾ ਨਹੀਂ ਹੈ
ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ
ਸ਼ੀਸ਼ੇ ਵਿਚੋਂ ਹੋਰ ਕੋਈ ਝਾਂਕਦਾ ਹੈ

ਸੁਰਜੀਤ ਪਾਤਰ

Rate this poem: 

Reviews

No reviews yet.