-

(ਅਸੋਕ ਬਾਗ ਵਿਚ ਬੈਠੀ ਸਤੀ ਸੀਤਾ ਦੇ, ਸ੍ਰੀ ਰਾਮ
ਚੰਦ੍ਰ ਜੀ ਦੇ ਵਿਯੋਗ ਵਿਚ ਕੀਰਨੇ)

(1)
ਸੁਆਮੀ ! ਸੱਲ ਜੁਦਾਈ ਦੇ ਬੁਰੀ ਕੀਤੀ,
ਲੁੜਛ ਲੁੜਛ ਕੇ ਘੇਰਨੀ ਖਾਈ ਦੀ ਏ,
ਕਰ ਕਰ ਕੀਰਨੇ ਸੰਧਿਆ ਪਾਈ ਦੀ ਏ,
ਲਿੱਲਾਂ ਲੈਂਦਿਆਂ ਟਿੱਕੀ ਚੜ੍ਹਾਈ ਦੀ ਏ,
ਤੇਲ ਉਮਰ ਦੇ ਦੀਵਿਓਂ ਮੁੱਕ ਚੁੱਕਾ,
ਚਰਬੀ ਢਾਲ ਕੇ ਜੋਤ ਟਿਮਕਾਈ ਦੀ ਏ ।
ਤਾਰ ਦਮਾਂ ਦੀ ਪਤਲੀਓਂ ਹੋਈ ਪਤਲੀ,
ਰੋਜ ਬਾਰਿਓਂ ਕੱਢ ਕੱਢ ਵਧਾਈ ਦੀ ਏ ।
ਜਦ ਤਕ ਸਾਸ ਤਦ ਤਕ ਆਸ ਕਹਿਣ ਲੋਕੀ,
ਏਸ ਲਟਕ ਵਿਚ ਜਾਨ ਲਟਕਾਈ ਦੀ ਏ ।
ਸਾਈਆਂ ਸੱਚ ਆਖਾਂ ਮਰਨਾ ਗੱਲ ਕੁਝ ਨਹੀਂ,
ਐਪਰ ਡਾਢੀ ਮੁਸੀਬਤ ਜੁਦਾਈ ਦੀ ਏ ।

(2)
ਭੁਲਦੀ ਭਟਕਦੀ ਜੇ ਕਦੀ ਊਂਘ ਆਵੇ,
ਪੰਚਬਟੀ ਵਿਚ ਬੈਠਿਆਂ ਹੋਈ ਦਾ ਏ,
ਕਲੀਆਂ ਗੁੰਦ ਕੇ ਸਿਹਰਾ ਪਰੋਈ ਦਾ ਏ,
ਗਲ ਵਿਚ ਪਾਉਣ ਨੂੰ ਭੀ ਉਠ ਖਲੋਈ ਦਾ ਏ,
ਏਸੇ ਪਲਕ ਵਿਚ ਪਲਕਾਂ ਉਖੇੜ ਸੁੱਟੇ,
ਨਾਮੁਰਾਦ ਸੁਪਨਾ ਡਾਢਾ ਕੋਈ ਦਾ ਏ,
ਓੜਕ ਓਹੋ ਵਿਛੋੜਾ ਤੇ ਓਹੇ ਝੋਰੇ,
ਬਹਿ ਬਹਿ ਚੰਦਰੇ ਲੇਖਾਂ ਨੂੰ ਰੋਈ ਦਾ ਏ ।
ਏਸੇ ਵਹਿਣ ਵਿਚ ਰੁੜ੍ਹਦਿਆਂ, ਵੈਣ ਪਾ ਪਾ,
ਰਾਤ ਅੱਖਾਂ ਦੇ ਵਿਚਦੀ ਲੰਘਾਈ ਦੀ ਏ ।
ਮੌਤ ਚੀਜ਼ ਕੀ ਹੋਈ ਇਸ ਸਹਿਮ ਅੱਗੇ,
ਸਾਈਆਂ ਡਾਢੀ ਮੁਸੀਬਤ ਜੁਦਾਈ ਦੀ ਏ ।

(3)
ਲੂੰਬੇ ਅੱਗ ਦੇ ਅੰਦਰੋਂ ਜਦੋਂ ਉੱਠਣ,
ਸੋਮੇ ਅੱਖੀਆਂ ਦੇ ਚੜ੍ਹ ਕੇ ਚੋ ਪੈਂਦੇ ।
ਸੜਦੇ ਹੰਝੂਆਂ ਦੀ ਜਿੱਥੇ ਧਾਰ ਪੈਂਦੀ,
ਛਾਲੇ ਜ਼ਿਮੀਂ ਦੀ ਹਿੱਕ ਤੇ ਹੋ ਪੈਂਦੇ ।
ਮੇਰੇ ਕੀਰਨੇ ਰੁੱਖ ਖਲਿਹਾਰ ਦੇਂਦੇ,
ਫੁੱਲਾਂ ਨਾਲ ਲੂੰ ਕੰਡੇ ਖਲੋ ਪੈਂਦੇ ।
ਰਾਤ ਸੁੰਨ ਹੋਵੇ , ਪਰਬਤ ਚੋ ਪੈਂਦੇ,
ਨਦੀਆਂ ਵੈਣ ਪਾਉਣ ਤਾਰੇ ਰੋ ਪੈਂਦੇ ।
ਰੁੜ੍ਹਦੇ ਜਾਣ ਪੱਤਰ, ਗੋਤੇ ਖਾਣ ਪੱਥਰ,
ਉਠਦੀ ਚੀਕ ਜਦ ਮੇਰੀ ਦੁਹਾਈ ਦੀ ਏ ।
ਬੇਜ਼ਬਾਨ ਪੰਛੀ ਭੀ ਕੁਰਲਾਟ ਪਾ ਪਾ,
ਆਖਣ ਡਾਢੀ ਮੁਸੀਬਤ ਜੁਦਾਈ ਦੀ ਏ ।

(4)
ਓਹੋ ਚੰਦ ਹੈ ਰਾਤ ਨੂੰ ਚੜ੍ਹਨ ਵਾਲਾ,
ਜਿਸ ਦੀ ਲੋਅ ਵਿਚ ਕੱਠਿਆਂ ਬਹੀ ਦਾ ਸੀ,
ਓਸੇ ਤਰਾਂ ਦੀ ਬਾਗ਼ ਬਹਾਰ ਭੀ ਹੈ,
ਜਿਸ ਦੀ ਮਹਿਕ ਵਿਚ ਖਿੜਦਿਆਂ ਰਹੀ ਦਾ ਸੀ,
ਲਗਰਾਂ ਓਹੋ ਸ਼ਿਗੂਫਿਆਂ ਨਾਲ ਭਰੀਆਂ,
ਭਜ ਭਜ ਆਪ ਜਿਨ੍ਹਾਂ ਨਾਲ ਖਹੀ ਦਾ ਸੀ ।
ਓਹੋ ਵਾ ਠੰਢੀ ਓਹੋ ਤ੍ਰੇਲ-ਤੁਪਕੇ,
ਮੋਤੀ ਖਿਲਰੇ ਜਿਨ੍ਹਾਂ ਨੂੰ ਕਹੀ ਦਾ ਸੀ ।
ਤੇਰੇ ਬਾਝ ਹੁਣ ਖਾਣ ਨੂੰ ਪਏ ਸਭ ਕੁਝ,
ਪਾ ਪਾ ਵਾਸਤੇ ਕੰਨੀ ਖਿਸਕਾਈ ਦੀ ਏ ।
ਭਖਦੇ ਕੋਲਿਆਂ ਵਾਂਗ ਗੁਲਜ਼ਾਰ ਲੂਹੇ,
ਐਸੀ ਪੁੱਠੀ ਤਾਸੀਰ ਜੁਦਾਈ ਦੀ ਏ ।

(5)
ਇੱਕ ਪਲਕ ਐਧਰ ਕਿਤੇ ਆ ਜਾਂਦੋਂ,
ਜਿੰਦ ਸਹਿਕਦੀ ਤੇ ਝਾਤੀ ਪਾ ਜਾਂਦੋਂ ।
ਨਾਲੇ ਭੁਜਦੀਆਂ ਆਂਦਰਾਂ ਠਾਰ ਜਾਂਦੋਂ,
ਨਾਲੇ ਆਪਣਾ ਫ਼ਰਜ਼ ਭੁਗਤਾ ਜਾਂਦੋਂ ।
ਮੇਰੀ ਜੁਗਾਂ ਦੀ ਤਾਂਘ ਮੁਕਾ ਜਾਂਦੋਂ,
ਨਾਲੇ ਪ੍ਰੀਤ ਨੂੰ ਤੋੜ ਨਿਭਾ ਜਾਂਦੋਂ ।
ਜਿਨ੍ਹਾਂ ਹੱਥਾਂ ਨੇ ਧਨੁਸ਼ ਮਰੁੰਡਿਆ ਸੀ,
ਰਾਵਣ ਜਿੰਨ ਨੂੰ ਭੀ ਉਹ ਵਿਖਾ ਜਾਂਦੋਂ ।
ਇਹ ਭੀ ਚਾਤ੍ਰਿਕ ਕੀਤੀਆਂ ਪਾ ਲੈਂਦਾ,
ਕੀਕਰ ਸਤੀ ਦੀ ਜਿੰਦੜੀ ਸਤਾਈ ਦੀ ਏ ।
ਸਾਰੀ ਦੁਨੀਆਂ ਦੇ ਵਖਤਾਂ ਨੂੰ ਪਾਓ ਇਕਧਿਰ,
ਫਿਰ ਭੀ ਭਾਰੀ ਮੁਸੀਬਤ ਜੁਦਾਈ ਦੀ ਏ ।

Rate this poem: 

Reviews

No reviews yet.